.

ਨਹੀਂ ਭੁੱਲਣਾ ਜੂਨ 84……

(ਕੀ ਅਸੀਂ ਕਦੇ ਵਿਚਾਰ ਕਰਾਂਗੇ ਕਿ ਜੂਨ, 84 ਕਿਉਂ ਵਾਪਰਿਆ)

ਹਰਚਰਨ ਸਿੰਘ ਪ੍ਰਹਾਰ ([email protected])

ਅੰਗਰੇਜ਼ੀ ਦੇ ਇੱਕ ਮਸ਼ਹੂਰ ਕਵੀ ਰੁੱਡਯਾਰਡ ਕਿਪਲਿੰਗ ਦੀ 1897 ਵਿੱਚ ਲਿਖੀ ਕਵਿਤਾ Lest We Forget ਭਾਵ ਅਸੀਂ ਭੁੱਲੇ ਨਹੀਂ ਜਾਂ ਭੁੱਲਾਂਗੇ ਨਹੀਂ, ਨੂੰ ਅਧਾਰ ਬਣਾ ਕੇ ਸਾਡੇ ਕੁੱਝ ਵਿਦਵਾਨਾਂ ਨੇ ਜੂਨ, 1984 ਦੇ ਸਾਕੇ ਲਈ ਸ਼ਬਦ ਪ੍ਰਚਲਤ ਕੀਤਾ ਸੀ, ‘ਨਹੀਂ ਭੁੱਲਣਾ ਜੂਨ 84…’। ਇਹ ਨਾਹਰਾ ਪਿਛਲੇ 40 ਸਾਲ ਤੋਂ ਲਗਾਤਾਰ ਦੇਸ਼-ਵਿਦੇਸ਼ ਵਿੱਚ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਦੁਰਾਇਆ ਜਾਂਦਾ ਹੈ। ਅਸੀਂ ਵੀ ਇਸ ਨਾਲ਼ ਸਹਿਮਤ ਹਾਂ ਕਿ ਕਿਸੇ ਵੀ ਕੌਮ ਨਾਲ਼ ਜਦੋਂ ਕੋਈ ਅਜਿਹਾ ਵੱਡਾ ਦੁਖਾਂਤ ਵਾਪਰਦਾ ਹੈ ਤਾਂ ਉਸਨੂੰ ਯਾਦ ਕੀਤਾ ਵੀ ਜਾਣਾ ਚਾਹੀਦਾ ਹੈ ਅਤੇ ਯਾਦ ਰੱਖਿਆ ਵੀ ਜਾਣਾ ਚਾਹੀਦਾ ਹੈ। ਦੁਨੀਆਂ ਦੀਆਂ ਸੂਝਵਾਨ ਕੌਮਾਂ ਅਜਿਹੇ ਘੱਲੂਘਾਰਿਆਂ ਵਿੱਚੋਂ ਕੁੱਝ ਸਬਕ ਸਿੱਖਦੀਆਂ ਹਨ, ਆਪਣੀਆਂ ਅਗਲੀਆਂ ਨਸਲਾਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਉਨ੍ਹਾਂ ਵੱਡੇ ਦੁਖਾਂਤਾਂ ਦੇ ਕਾਰਨਾਂ ਨੂੰ ਲੱਭਦੀਆਂ ਹਨ ਕਿ ਮੁੜ ਅਜਿਹੇ ਭਾਣੇ ਨਾ ਵਾਪਰਨ। ਪਰ ਸਾਡੀ ਦੇਸ਼-ਵਿਦੇਸ਼ ਦੀ ਨਰਮ ਅਤੇ ਗਰਮ ਖਿਆਲੀ ਲੀਡਰਸ਼ਿਪ ਇਸ ਸਵਾਲ ਤੋਂ ਲਗਾਤਾਰ ਭੱਜ ਰਹੀ ਹੈ ਕਿ ਜੂਨ, 84 ਦਾ ਵੱਡਾ ਦੁਖਾਂਤ ਕਿਉਂ ਵਾਪਰਿਆ? ਕੀ ਇਸ ਵਿੱਚ ਸਾਡਾ ਵੀ ਕੋਈ ਇੱਕ ਅੱਧ ਪ੍ਰਸੈਂਟ ਦੋਸ਼ ਸੀ ਜਾਂ 100% ਸਰਕਾਰਾਂ ਹੀ ਦੋਸ਼ੀ ਸਨ? ਬਦਕਿਸਮਤੀ ਨਾਲ਼ ਸਿੱਖ ਲੀਡਰਸ਼ਿਪ ਅਤੇ ਵਿਰੋਧੀਆਂ ਨੇ ਸਿੱਖ ਸਮਾਜ ਦੀ ਮਾਨਸਿਕਤਾ ਨੂੰ ਸਮਝ ਲਿਆ ਹੈ ਕਿ ਇਨ੍ਹਾਂ ਨੂੰ ਧਰਮ ਦੇ ਨਾਮ `ਤੇ ਜਜਬਾਤੀ ਕਰਕੇ ਜਿਵੇਂ ਚਾਹੋ ਵਰਤਿਆ ਜਾ ਸਕਦਾ ਹੈ। ਜੇ ਆਪਾਂ 1978 ਤੋਂ ਸਿੱਖ ਸਮਾਜ ਜਾਂ ਪੰਜਾਬ ਵਿੱਚ ਚੱਲ ਰਹੇ ਵਰਤਾਰਿਆਂ ਨੂੰ ਨਿਰਪੱਖਤਾ ਨਾਲ਼ ਵਿਚਾਰੀਏ ਤਾਂ ਇਹ ਗੱਲ ਸਮਝਣੀ ਕੋਈ ਬਹੁਤੀ ਔਖੀ ਨਹੀਂ ਕਿ ਸਿੱਖ ਵਾਰ-ਵਾਰ ਆਪਣੀ ਲੀਡਰਸ਼ਿਪ ਅਤੇ ਵਿਰੋਧੀਆਂ ਵਲੋਂ ਵਰਤ ਹੋ ਰਹੇ ਹਨ, ਇੱਕ ਤੋਂ ਵਰਤ ਹੋ ਕੇ ਕੁੱਝ ਸੋਚਣ ਵਿਚਾਰਨ ਦੀ ਥਾਂ ਕਿਸੇ ਨਵੇਂ ਵਰਤਣ ਵਾਲ਼ੇ ਮਗਰ ਹੋ ਤੁਰਦੇ ਹਨ। ਜਿਸ ਨਾਲ਼ ਸਿੱਖ ਸਮਾਜ ਨਿੱਤ ਨਵੇਂ ਦਿਨ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਥਾਂ ਨਵੀਆਂ-ਨਵੀਆਂ ਸਮੱਸਿਆਵਾਂ ਵਿੱਚ ਘਿਰਦਾ ਜਾ ਰਿਹਾ ਹੈ। ਨਤੀਜੇ ਵਜੋਂ ਹਰ ਪੰਜਾਬੀ ਸਿੱਖ ਪਾਸਪੋਰਟ ਚੁੱਕੀ ਤੁਰਿਆ ਫਿਰਦਾ ਹੈ ਕਿ ਹਰ ਹੀਲੇ ਪੰਜਾਬ ਜਾਂ ਭਾਰਤ ਵਿੱਚੋਂ ਭੱਜ ਜਾਵੇ। ਉਸਨੂੰ ਲਗਦਾ ਹੈ ਕਿ ਵਿਦੇਸ਼ੀ ਧਰਤੀ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਪਰ ਪਿਛਲੇ 30-40 ਸਾਲ ਦੇ ਵੱਡੇ ਪ੍ਰਵਾਸ ਨੇ ਸਾਬਿਤ ਕਰ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਆ ਕੇ ਸਾਡੀਆਂ ਨਿੱਜੀ ਆਰਥਿਕ ਸਮੱਸਿਆਵਾਂ ਤਾਂ ਜਰੂਰ ਕਿਸੇ ਹੱਦ ਤੱਕ ਹੱਲ ਹੋ ਰਹੀਆਂ ਹਨ, ਪਰ ਜਿਨ੍ਹਾਂ ਸਮੱਸਿਆਵਾਂ ਦੇ ਮਾਰੇ ਅਸੀਂ ਭੱਜ ਰਹੇ ਸੀ, ਇੱਥੇ ਆ ਕੇ ਅਸੀਂ ਉਸੇ ਮਾਨਸਿਕਤਾ ਨਾਲ਼ ਅਨੇਕਾਂ ਹੋਰ ਨਵੀਆਂ ਸਮੱਸਿਆਵਾਂ ਖੜੀਆਂ ਕਰ ਲਈਆਂ ਹਨ ਅਤੇ ਹੁਣ ਅਸੀਂ ਵਿਦੇਸ਼ਾਂ ਵਿੱਚੋਂ ਬੈਠ ਕੇ ਭਾਰਤ ਵਿੱਚ ਬੈਠੇ ਸਿੱਖਾਂ ਲਈ ਨਵੀਆਂ ਸਮੱਸਿਆਵਾਂ ਪੈਦਾ ਕਰਨ ਲੱਗ ਪਏ। ਅਸੀਂ ਇੱਕ ਵਹਿਮ ਦਾ ਸ਼ਿਕਾਰ ਹੋ ਗਏ ਹਾਂ ਕਿ ਸ਼ਾਇਦ ਜਹਾਜ ਚੜ੍ਹ ਕੇ ਵਿਦੇਸ਼ੀ ਧਰਤੀ `ਤੇ ਆਉਣ ਨਾਲ਼ ਅਸੀਂ ਜ਼ਿਆਦਾ ਸੂਝਵਾਨ ਹੋ ਗਏ ਹਾਂ। ਅਸੀਂ ਆਪਣੇ ਡਾਲਰਾਂ ਦੇ ਜ਼ੋਰ ਨਾਲ਼ ਪੰਜਾਬ ਦੀ ਰਾਜਨੀਤੀ ਨੂੰ ਆਪਣੀ ਸੋਚ ਅਨੁਸਾਰ ਚਲਾਉਣ ਲਈ ਹਰੇਕ ਇਲੈਕਸ਼ਨ ਵਿੱਚ ਮਿਲੀਅਨਜ਼ ਡਾਲਰ ਗੈਰ-ਕਨੂੰਨੀ ਢੰਗ ਨਾਲ਼ ਭੇਜਦੇ ਹਾਂ, ਉਥੇ ਵਸਦੇ ਪੰਜਾਬੀ ਸਾਨੂੰ ਹਰੇਕ ਵਾਰ ਨਕਾਰ ਦਿੰਦੇ ਹਨ ਅਤੇ ਸਾਡੀ ਸੋਚ ਤੋਂ ਉਲਟ ਵੋਟ ਪਾਉਂਦੇ ਹਨ।

ਹਰ ਸਾਲ ਜੂਨ ਦੇ ਪਹਿਲੇ ਹਫਤੇ ਆਰਟੀਕਲ ਦੇ ਨਾਲ਼ ਦਿੱਤੀਆਂ ਜਾ ਰਹੀਆਂ ਤਸਵੀਰਾਂ ਵਿਚਲੇ ਦਾਅਵਿਆਂ ਵਰਗੀਆਂ ਸਨਸਨੀਖੇਜ ਕਹਾਣੀਆਂ ਮੀਡੀਆ ਵਿੱਚ ਛਾਈਆਂ ਰਹਿੰਦੀਆਂ ਹਨ। ਅਜਿਹਾ ਕੁੱਝ ਪਿਛਲੇ 40 ਸਾਲ ਤੋਂ ਸਿੱਖ ਸਮਾਜ ਵਿੱਚ ਲਗਾਤਾਰ ਵਾਪਰ ਰਿਹਾ ਹੈ। ਇੱਕ ਪਾਸੇ ਸਾਡੇ ਉਹ ਵਿਦਵਾਨ ਤੇ ਪ੍ਰਚਾਰਕ ਹਨ, ਜਿਨ੍ਹਾਂ ਦਾ ਸਾਰਾ ਦਾਰੋ-ਮਦਾਰ ਜਜ਼ਬਾਤੀ ਤੇ ਝੂਠੀਆਂ ਕਹਾਣੀਆਂ ਨਾਲ਼ ਹੀ ਚੱਲਦਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਬਹੁ-ਗਿਣਤੀ ਸਿੱਖ ਅਜਿਹਾ ਧੂੰਆਂਧਾਰ ਪ੍ਰਚਾਰ ਹੀ ਪਸੰਦ ਕਰਦੇ ਹਨ। ਅਕਲ, ਸਿਆਣਪ, ਸੂਝ-ਬੂਝ ਨਾਲ਼ ਕੀਤੀਆਂ ਗੱਲਾਂ ਉਨ੍ਹਾਂ ਦੇ ਪੱਲੇ ਘੱਟ ਪੈਂਦੀਆਂ ਹਨ। ਸਾਡੇ ਅਜਿਹੇ ਸੂਝਵਾਨ ਸੱਜਣ ਸਿੱਖਾਂ ਦੀ ਨਬਜ਼ ਪਛਾਣਦੇ ਹਨ। ਦੂਜੇ ਪਾਸੇ ਸਾਡੇ ਉਹ ਰਾਜਸੀ ਲੀਡਰ ਹਨ, ਜਿਨ੍ਹਾਂ ਦੀ ਹਿੰਸਾ ਤੇ ਨਫ਼ਰਤ ਅਧਾਰਿਤ ਰਾਜਨੀਤੀ ਪਿਛਲੇ 40 ਸਾਲ ਤੋਂ ਅਜਿਹੇ ਜਜਬਾਤੀ ਲੋਕਾਂ ਨੂੰ ਗੁੰਮਰਾਹ ਕਰਕੇ ਚੱਲ ਰਹੀ ਹੈ। ਪਿਛਲੇ 40-50 ਸਾਲ ਦੇ ਅਜਿਹੇ ਵਰਤਾਰਿਆਂ ਤੋਂ ਕੀ ਸਾਰੀ ਦੁਨੀਆਂ ਨੂੰ ਸਾਡੀ ਕੌਮ ਦੀ ਮਾਨਸਿਕਤਾ ਦੇ ਪੱਧਰ ਦਾ ਪਤਾ ਨਹੀਂ ਲਗ ਰਿਹਾ ਹੈ? ਸਾਡੇ ਵਿਰੋਧੀਆਂ ਨੂੰ ਸਾਡੀਆਂ ਇਨ੍ਹਾਂ ਕਮਜੋਰੀਆਂ ਦਾ ਪੂਰਨ ਗਿਆਨ ਹੈ, ਇਸੇ ਕਰਕੇ ਉਨ੍ਹਾਂ ਸਮਿਆਂ ਦੇ ਸਰਕਾਰੀ ਤੰਤਰ ਨੇ ਸਿੱਖਾਂ ਵਿਚਲੇ ਅਜਿਹੇ ਗਰਮ-ਖਿਆਲੀ ਅਤੇ ਖਾੜਕੂ ਧੜਿਆਂ ਨੂੰ ਵਰਤ ਕੇ ਅਜਿਹੇ ਹਾਲਾਤ ਬਣਾਏ, ਜਿਸਦੇ ਨਤੀਜੇ ਵਜੋਂ ਕੌਮ ਨੂੰ 84 ਦੇ ਘੱਲੂਘਾਰਿਆਂ ਵਿੱਚੋਂ ਲੰਘਣਾ ਪਿਆ। ਹੁਣ ਸਵਾਲ ਇਹ ਹੈ ਕਿ ਕੀ ਅਸੀਂ ਕਦੇ ਇਹ ਸੋਚਣ ਲੱਗਾਂਗੇ ਕਿ ਜੂਨ 84 ਵਰਗੀ ਭਿਆਨਕ ਤਬਾਹੀ ਵਾਲ਼ੀ ਘਟਨਾ ਕਿਉਂ ਵਾਪਰੀ? ਸਾਨੂੰ ਪਿਛਲੇ 40 ਸਾਲ ਤੋਂ ਹਰ ਸਾਲ ਨਵੇਂ-ਨਵੇਂ ਸਨਸਨੀਖੇਜ ਖੁਲਾਸਿਆਂ ਨਾਲ਼ ਇਹ ਤਾਂ ਦੱਸਿਆ ਜਾਂਦਾ ਹੈ ਕਿ ਜੂਨ 1 ਤੋਂ 6 ਤੱਕ ਕੀ ਤੇ ਕਿਵੇਂ ਵਾਪਰਿਆ? ਪਰ ਅਜੇ ਤੱਕ ਕਿਸੇ ਵਿਦਵਾਨ, ਲੀਡਰ, ਪ੍ਰਚਾਰਕ, ਖਾੜਕੂ ਧਿਰ ਨੇ ਇਹ ਨਹੀਂ ਦੱਸਿਆ ਕਿ ਇਹ ਕਿਉਂ ਵਾਪਰਿਆ? ਕਿਤੇ ਇਹ ਧਿਰਾਂ ਦੱਸਣ ਤੋਂ ਇਸ ਕਰਕੇ ਇਨਕਾਰੀ ਤਾਂ ਨਹੀਂ ਕਿ ਸਾਡਾ 40 ਤੋਂ ਸਿਰਜਿਆ ਸਾਰਾ ਬ੍ਰਿਤਾਂਤ ਹੀ ਪੁੱਠਾ ਨਾ ਪੈ ਜਾਵੇ?

ਕਨੇਡਾ-ਅਮਰੀਕਾ ਵਿੱਚ ਸਾਡੇ ਦੇਖਦਿਆਂ ਪਿਛਲੇ 25-30 ਸਾਲਾਂ ਵਿੱਚ ਅਜਿਹੇ ਹਜਾਰਾਂ ਕੇਸ ਹੋਏ ਹਨ (ਕਨੇਡਾ-ਅਮਰੀਕਾ ਦੇ ਸਰਕਾਰੀ ਅੰਕੜਿਆਂ ਅਨੁਸਾਰ ਹਰ ਸਾਲ ਔਸਤਨ ਇੱਕ ਹਜਾਰ ਤੋਂ ਪੰਦਰਾਂ ਸੌ ਵਿਅਕਤੀ, ਪਬਲਿਕ ਵਿੱਚ ਕਿਸੇ ਵਾਰਦਾਤ ਮੌਕੇ ਪੁਲਿਸ ਸਾਹਮਣੇ ਹਥਿਆਰ ਨਾ ਸੁੱਟਣ ਕਰਕੇ ਪੁਲਿਸ ਗੋਲ਼ੀ ਦਾ ਸ਼ਿਕਾਰ ਹੁੰਦੇ ਹਨ), ਜਦੋਂ ਕਥਿਤ ਅਪਰਾਧੀ ਦੇ ਹੱਥ ਵਿੱਚ ਸਿਰਫ ਚਾਕੂ, ਬੇਸਬਾਲ, ਖਿਡਾਉਣਾ ਗੰਨ ਸੀ (ਅਸਲੀ ਗੰਨ ਜਾਂ ਪਸਤੌਲ ਵੀ ਨਹੀਂ ਸੀ) ਤਾਂ ਇੱਕ ਪੁਲਿਸ ਵਾਲ਼ਾ ਤਿੰਨ ਵਾਰ ਕਹਿੰਦਾ ਹੈ ਕਿ ‘ਡਰੌਪ ਦਾ ਵੈਪਨ’, ਜੇ ਤੀਜੀ ਵਾਰ ਕਹਿਣ ਤੋਂ ਬਾਅਦ ਵੀ ਹਥਿਆਰ ਸੁੱਟ ਕੇ, ਹੱਥ ਪਿੱਛੇ ਕਰਕੇ, ਹਮਲਾਵਰ ਵਿਅਕਤੀ ਜਮੀਨ `ਤੇ ਲੰਮਾ ਨਾ ਪਵੇ ਤਾਂ ਦੂਜਾ ਪੁਲਿਸ ਵਾਲ਼ਾ ਸਿੱਧਾ ਮੱਥੇ ਵਿੱਚ ਗੋਲੀ ਮਾਰਦਾ ਹੈ (ਲੱਤ, ਬਾਂਹ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ `ਤੇ ਨਹੀਂ) ਅਤੇ ਬੰਦਾ ਥਾਂਹੇ ਢੇਰ ਹੋ ਜਾਂਦਾ ਹੈ। ਕੀ 1982-84 ਤੱਕ ਹਰਿਮੰਦਰ ਸਾਹਿਬ ਅੰਦਰ ਚੱਲ ਰਹੇ ਧਰਮ ਯੁੱਧ ਮੋਰਚੇ ਦੌਰਾਨ ਪੰਜਾਬ ਅੰਦਰ ਸੈਂਕੜੇ ਬੰਦੇ ਕਤਲ ਨਹੀਂ ਹੋਏ, ਬੈਂਕਾਂ ਵਿੱਚ ਡਾਕੇ ਨਹੀਂ ਮਾਰੇ ਗਏ, ਫਿਰੌਤੀਆਂ ਨਹੀਂ ਲਈਆਂ ਗਈਆਂ, ਘੱਟੋ-ਘੱਟ ਦਰਜਨ ਤੋਂ ਵੱਧ ਬੰਦੇ ਕੰਪਲੈਕਸ ਦੇ ਅੰਦਰ ਕਤਲ ਨਹੀਂ ਹੋਏ। ਕੀ ਅਕਾਲ ਤਖਤ ਦੇ 80 ਸਾਲਾ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਦਾ 10 ਮਈ, 1984 ਨੂੰ ਇਸ ਕਰਕੇ ਕਤਲ ਨਹੀਂ ਕੀਤਾ ਗਿਆ ਸੀ ਕਿ ਉਸਨੇ ਪ੍ਰੈਸ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਮੋਰਚਾਬੰਦੀ ਦੀ ਥੋੜੀ ਜਿਹੀ ਨੁਕਤਾਚੀਨੀ ਕਰ ਦਿੱਤੀ ਸੀ? ਜਦੋਂ ਕਿ ਉਸ ਵਕਤ ਦੇ ਜਥੇਸਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਨੇ ਇੱਕ ਸੰਦੇਸ਼ ਜਾਰੀ ਕਰਕੇ ਪ੍ਰਕਰਮਾ ਵਿੱਚ ਹਥਿਆਰ ਲੈ ਕੇ ਘੁੰਮਣ `ਤੇ ਪਾਬੰਧੀ ਲਗਾ ਦਿੱਤੀ ਸੀ। ਕੀ ਉਸ ਵਕਤ ਦਰਬਾਰ ਸਾਹਿਬ ਕੰਪਲੈਕਸ ਦਾ ਕਸਟੋਡੀਅਨ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਅਕਾਲੀ ਦਲ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ਼, ਪ੍ਰਕਾਸ਼ ਸਿੰਘ ਬਾਦਲ ਆਦਿ ਨੂੰ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ? ਕੀ ਅਕਾਲੀ ਲੀਡਰਸ਼ਿਪ ਨੂੰ ਦਿਸ ਨਹੀਂ ਸੀ ਰਿਹਾ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਸਨ? ਜੇ ਹਾਲਾਤ ਅਕਾਲੀ ਲੀਡਰਸ਼ਿਪ ਵੱਸੋਂ ਬਾਹਰ ਹੋ ਗਏ ਸਨ ਤਾਂ ਕੀ ਉਨ੍ਹਾਂ ਨੂੰ ਮੋਰਚਾ ਵਾਪਿਸ ਨਹੀਂ ਲੈ ਲੈਣਾ ਚਾਹੀਦਾ ਸੀ ਤਾਂ ਕਿ ਭਵਿੱਖ ਵਿੱਚ ਹੋਏ ਨੁਕਸਾਨ ਤੋਂ ਬਚਿਆ ਜਾ ਸਕਦਾ?

ਕੀ ਅਮਰੀਕਾ, ਕਨੇਡਾ, ਇੰਗਲੈਂਡ ਜਾਂ ਕਿਸੇ ਹੋਰ ਲੋਕਤੰਤਰੀ ਜਾਂ ਗੈਰ ਲੋਕਤੰਤਰੀ ਦੇਸ਼ ਦੀ ਕੋਈ ਸਰਕਾਰ ਕਿਸੇ ਧਾਰਮਿਕ ਅਸਥਾਨ ਨੂੰ ਢਾਲ਼ ਬਣਾ ਕੇ ਨਾਗਰਿਕਾਂ ਦੇ ਹੋ ਰਹੇ ਕਤਲਾਂ ਨੂੰ ਬਰਦਾਸ਼ਤ ਕਰ ਸਕਦੀ ਹੈ? ਕੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਨਹੀਂ ਪਤਾ ਕਿ ਕਿਵੇਂ ਗੁਰਦੁਆਰਿਆਂ ਦੀ ਮਾਮੂਲੀ ਜਿਹੀ ਲੜਾਈ ਹੋਣ `ਤੇ ਪੁਲਿਸ ਦਗੜ-ਦਗੜ ਕਰਦੀ, ਗੰਦੇ ਬੂਟਾਂ ਸਮੇਤ, ਹਥਿਆਰਾਂ ਨਾਲ਼ ਲੈਸ ਹੋ ਕੇ ਅਤੇ ਨੰਗੇ ਸਿਰ ਗੁਰਦੁਆਰਿਆਂ ਵਿੱਚ ਦਾਖਿਲ ਹੋ ਜਾਂਦੀ ਹੈ? ਕੀ ਸਾਡੇ ਲੀਡਰਾਂ ਨੇ ਵਿਦੇਸ਼ਾਂ ਵਿੱਚ ਇਹ ਮਸਲਾ ਕਦੇ ਉਠਾਇਆ ਕਿ ਗੁਰਦੁਆਰਿਆਂ ਵਿੱਚ ਪੁਲਿਸ ਨਹੀਂ ਵੜ ਸਕਦੀ? ਫਿਰ ਅਸੀਂ ਕਿਸ ਅਧਾਰ `ਤੇ ਸਿਰਫ ਭਾਰਤ ਵਿੱਚ ਇਹ ਚਾਹੁੰਦੇ ਹਾਂ ਕਿ ਕੁੱਝ ਵਿਅਕਤੀ ਸਾਡੇ ਮੁੱਖ ਧਾਰਮਿਕ ਅਸਥਾਨ ਵਿੱਚ ਹਥਿਆਰਾਂ ਦੇ ਜਖੀਰੇ ਜਮ੍ਹਾਂ ਕਰਦੇ ਰਹਿੰਦੇ, ਇਸ ਤਰ੍ਹਾਂ ਮੋਰਚਾਬੰਦੀ ਕਰ ਲੈਂਦੇ ਜਿਵੇਂ ਕਿਤੇ ਦੂਜੇ ਦੇਸ਼ ਨਾਲ਼ ਜੰਗ ਲੜਨੀ ਹੋਵੇ, ਅੰਦਰ-ਬਾਹਰ ਸ਼ਰੇਆਮ ਕਤਲ ਹੋਈ ਜਾਂਦੇ `ਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ? ਕੀ ਸਾਨੂੰ ਉਹ ਇਤਿਹਾਸਕ ਘਟਨਾ ਯਾਦ ਨਹੀਂ, ਜਦੋਂ ਅਕਤੂਬਰ, 1979 ਵਿੱਚ 600 ਦੇ ਕਰੀਬ ਇਸਲਾਮਿਕ ਜ਼ਿਹਾਦੀਆਂ ਵਲੋਂ ਮੁਸਲਿਮ ਜਗਤ ਦੇ ਸਭ ਤੋਂ ਪਵਿੱਤਰ ਅਸਥਾਨ ਮੱਕੇ `ਤੇ ਇਹ ਕਹਿ ਕੇ ਕਬਜਾ ਕਰ ਲਿਆ ਸੀ ਕਿ ਸਾਉਦੀ ਅਰਬ ਦੀ ਸਰਕਾਰ ਕੁਰਪਟ ਹੈ ਅਤੇ ਅਸੀਂ ਇਸ ਅਸਥਾਨ ਨੂੰ ਮੁਹੰਮਦ ਸਾਹਿਬ ਦੀ ਅਸਲੀ ਵਿਚਾਰਧਾਰਾ ਅਨੁਸਾਰ ਚਲਾਵਾਂਗੇ। ਉਨ੍ਹਾਂ ਨੇ ਹਜਾਰਾਂ ਸ਼ਰਧਾਲੂਆਂ ਨੂੰ ਮੱਕੇ ਦੀ ਮੁੱਖ ਮਸਜਿਦ ਅੰਦਰ ਬੰਦੀ ਬਣਾ ਲਿਆ ਸੀ। ਉਸ ਵਕਤ ਸਾਉਦੀ ਅਰਬ ਦੀ ਮੁਸਲਿਮ ਸਰਕਾਰ ਲਈ ਕਾਰਵਾਈ ਕਰਨ ਵਾਸਤੇ ਧਰਮ ਸੰਕਟ ਖੜਾ ਹੋ ਗਿਆ ਸੀ ਕਿਉਂਕਿ ਮੁਸਲਿਮ ਰਵਾਇਤ ਅਨੁਸਾਰ ਮੱਕੇ ਦੀ ਪਵਿੱਤਰ ਮਸਜਿਦ, ਜਿੱਥੇ ਕੋਈ ਗੈਰ-ਮੁਸਲਿਮ ਦਾਖਿਲ ਨਹੀਂ ਹੋ ਸਕਦਾ, ਉਥੇ ਖੂਨ ਦਾ ਛਿੱਟਾ ਵੀ ਡਿਗਣਾ ਪਾਪ ਹੈ। ਉਸ ਵਕਤ ਸਾਉਦੀ ਸਰਕਾਰ ਨੇ ਮੱਕੇ ਦੇ ਮੁੱਖ ਧਾਰਮਿਕ ਆਗੂ ਸ਼ੇਖ ਅਬਦੁਲ-ਅਜੀਜ਼ ਇਬਨ ਬਾਜ਼ ਇਮਾਮ ਤੋਂ ਫਤਵਾ ਜਾਰੀ ਕਰਵਾਇਆ ਸੀ ਕਿ ਫਰਾਂਸ ਦੇ ਸਪੈਸ਼ਲ ਕਮਾਂਡੋ ਮੰਗਵਾ ਕੇ ਅੱਤਵਾਦੀਆਂ ਨੂੰ ਬਾਹਰ ਕੱਢਿਆ ਜਾਵੇ, ਉਸ ਲਈ ਬੇਸ਼ਕ ਮੱਕੇ ਅੰਦਰ ਖੂਨ ਵੀ ਡੋਲਣਾ ਪੈ ਜਾਵੇ। ਇਸ ਕਾਰਵਾਈ ਵਿੱਚ 800 ਦੇ ਕਰੀਬ ਲੋਕ ਮਾਰੇ ਗਏ ਸਨ। ਤਕਰੀਬਨ ਸਾਰੇ ਜ਼ਿਹਾਦੀ ਮਾਰ ਦਿੱਤੇ ਗਏ ਸਨ, ਜਿਹੜੇ ਫੜ੍ਹੇ ਗਏ ਸਨ, ਉਨ੍ਹਾਂ ਨੂੰ ਬਾਅਦ ਵਿੱਚ ਫਾਂਸੀ ਦਿੱਤੀ ਗਈ ਸੀ। ਇਹ ਸਾਰੀ ਕਾਰਵਾਈ ਮੁਸਲਮਾਨਾਂ ਖਿਲਾਫ, ਮੁਸਲਮਾਨ ਸਰਕਾਰਾਂ ਨੇ ਕੀਤੀ ਸੀ ਤਾਂ ਕਿ ਪਵਿੱਤਰ ਧਰਮ ਅਸਥਾਨ ਵਿੱਚੋਂ ਅਜਿਹੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਪਾਕਿਸਤਾਨ ਵਿੱਚ ਰਾਸ਼ਟਰਪਤੀ ਮੁਸ਼ੱਰਫ ਵਲੋਂ ਕੀਤੀ ਸੀ, ਜਦੋਂ ਇਸਲਾਮਾਬਾਦ ਦੀ ਇੱਕ ਮਸ਼ਹੂਰ ‘ਲਾਲ ਮਸਜਿਦ’ ਅਤੇ ‘ਜਾਮੀਆ ਹਫਸਾ ਮਦਰੱਸੇ’ `ਤੇ ਇਸਲਾਮਕਿ ਅੱਤਵਾਦੀਆਂ ਨੇ ਕੱਟੜਵਾਦੀ ਲੀਡਰ ਮੁਹੰਮਦ ਅਬਦੁੱਲਾ ਗਾਜ਼ੀ ਦੇ ਦੋ ਪੁੱਤਰਾਂ ਅਬਦੁੱਲ ਅਜੀਜ਼ ਅਤੇ ਅਬਦੁੱਲ ਰਾਸ਼ੀਦ ਦੀ ਅਗਵਾਈ ਵਿੱਚ ਕਬਜਾ ਕਰਕੇ ਅੰਦਰੋਂ ਅੱਤਵਾਦੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ। ਸਰਕਾਰ ਵਲੋਂ ਕਾਫੀ ਸਮਾਂ ਉਨ੍ਹਾਂ ਨੂੰ ਕਿਹਾ ਜਾਂਦਾ ਰਿਹਾ ਕਿ ਉਹ ਬਾਹਰ ਨਿਕਲ ਜਾਣ, ਫਿਰ ਅਖੀਰ ਜੁਲਾਈ, 2007 ਵਿੱਚ ਫੌਜੀ ਕਾਰਵਾਈ ਹੋਈ, ਜਿਸ ਵਿੱਚ 91 ਜ਼ਿਹਾਦੀ ਅਤੇ 11 ਫੌਜੀ ਮਾਰੇ ਗਏ। ਇਸ ਤਰ੍ਹਾਂ ਦੀਆਂ ਦੁਨੀਆਂ ਵਿੱਚ ਹੋਰ ਵੀ ਅਨੇਕਾਂ ਘਟਨਾਵਾਂ ਇਤਹਿਾਸ ਵਿੱਚ ਮਿਲਦੀਆਂ ਹਨ, ਜਦੋਂ ਹਥਿਆਰਬੰਦ ਲੋਕ ਧਾਰਮਿਕ ਜਾਂ ਪਬਲਿਕ ਅਸਥਾਨਾਂ ਤੋਂ ਆਪਣੀਆਂ ਖਾੜਕੂ ਕਾਰਵਾਈਆਂ ਚਲਾਉਣ ਲਗਦੇ ਹਨ ਤਾਂ ਸਰਕਾਰਾਂ ਉਨ੍ਹਾਂ ਨੂੰ ਖਦੇੜਣ ਲਈ ਅਜਿਹੀਆਂ ਹੀ ਫੌਜੀ ਕਾਰਵਾਈਆਂ ਕਰਦੀਆਂ ਹਨ। ਪਰ ਸਿੱਖ ਲੀਡਰਸ਼ਿਪ ਤੇ ਵਿਦਵਾਨਾਂ ਨੇ ਆਪਣੇ ਸੋੜੇ ਨਿੱਜੀ ਹਿੱਤਾਂ ਲਈ ਕਿਸੇ ਵੀ ਤਰ੍ਹਾਂ ਦੀ ਜੁੰਮੇਵਾਰੀ ਲੈਣ ਦੀ ਥਾਂ, ਕੀ ਸਿੱਖ ਪੰਥ ਨੂੰ ਗਲਤ ਦਿਸ਼ਾ ਵੱਲ ਨਹੀਂ ਤੋਰ ਦਿੱਤਾ?

ਇੱਥੇ ਇਹ ਸਾਰਾ ਕੁੱਝ ਦੱਸਣ ਤੋਂ ਭਾਵ ਉਸ ਸਮੇਂ ਦੀ ਹਾਕਮ ਮੈਡਮ ਇੰਦਰਾ ਗਾਂਧੀ ਦੀ ਮੁਜਰਮਾਨਾ ਤੇ ਅਹਿਮਕਾਨਾ ਕਾਰਵਾਈ ਨੂੰ ਜਾਇਜ ਠਹਿਰਾਉਣਾ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਅਜਿਹੀ ਵੱਡੀ ਕਾਰਵਾਈ ਕਰਨ ਤੋਂ ਪਹਿਲਾ ਹੋਰ ਢੰਗ ਤਰੀਕੇ ਵੀ ਸੋਚੇ ਜਾ ਸਕਦੇ ਸਨ। ਪਰ ਕੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੰਦਰ ਬੈਠੇ ਗਰਮ ਖਿਆਲੀ ਧੜਿਆਂ ਤੇ ਖਾੜਕੂ ਗਰੁੱਪਾਂ ਵਲੋਂ ਲਗਾਤਾਰ ਭੜਕਾਊ ਕਾਰਵਾਈਆਂ ਕਰਕੇ ਅਜਿਹੀ ਸਖਤ ਕਾਰਵਾਈ ਲਈ ਮਾਹੌਲ ਨਹੀਂ ਬਣਾਇਆ ਜਾ ਰਿਹਾ ਸੀ? ਜਿਸ ਤਰ੍ਹਾਂ ਸਿੱਖ ਵਿਦਵਾਨ ਸ. ਅਜਮੇਰ ਸਿੰਘ ਆਪਣੀ ਇੱਕ ਵੀਡੀਉ ਵਿੱਚ ਕਹਿੰਦੇ ਹਨ ਕਿ ਸੰਤਾਂ ਨੇ ਗੁਰੂ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਜਾਣ ਵਖਤ ਹੀ ਇਹ ਤੈਅ ਕਰ ਲਿਆ ਸੀ ਕਿ ਗੁਲਾਮੀ ਵਿੱਚ ਘੂਕ ਸੁੱਤੀ ਪਈ ਕੌਮ ਨੂੰ ਜਗਾਉਣ ਲਈ ਅਕਾਲ ਤਖਤ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ, ਜਿੱਥੋਂ ਸ਼ਹੀਦੀ ਦਿੱਤੀ ਜਾ ਸਕੇ। ਉਹ ਅੱਗੇ ਦੱਸਦੇ ਹਨ ਕਿ ਬਹੁਤ ਲੋਕ ਕਹਿੰਦੇ ਹਨ ਕਿ ਸੰਤ ਜੀ ਨੇ ਜੇ ਸ਼ਹੀਦੀ ਹੀ ਪਾਉਣੀ ਸੀ ਤਾਂ ਬਾਹਰ ਫੌਜ ਨਾਲ਼ ਲੜ ਕੇ ਸ਼ਹੀਦੀ ਪਾ ਲੈਂਦੇ? ਪਰ ਅਜਮੇਰ ਸਿੰਘ ਅਨੁਸਾਰ ਸ਼ਹੀਦੀ ਤਾਂ ਮਹਿਤੇ ਚੌਕ ਵੀ ਪਾਈ ਜਾ ਸਕਦੀ ਸੀ, ਪਰ ਅਕਾਲ ਤਖਤ ਸਾਹਿਬ `ਤੇ ਸ਼ਹੀਦੀ ਪਾਉਣ ਨਾਲ਼ ਹੀ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲ਼ੇ ਦਾ ਨਾਮ ਸ਼ਹੀਦ ਬਾਬਾ ਦੀਪ ਸਿੰਘ ਬਰਾਬਰ ਬਣਨਾ ਸੀ ਅਤੇ ਅਕਾਲ ਤਖਤ ਢੱਠਣ ਨਾਲ਼ ਹੀ ਕੌਮ ਨੇ ਜਾਗਣਾ ਸੀ। ਜੇ ਅਜਮੇਰ ਸਿੰਘ ਦੀਆਂ ਇਹ ਗੱਲਾਂ ਸੱਚ ਹਨ ਤਾਂ ਕੀ ਸੰਤ ਭਿੰਡਰਾਂਵਾਲ਼ਿਆਂ ਨੇ ਜਾਣ-ਬੁੱਝ ਕੇ ਅਜਿਹੇ ਹਾਲਾਤ ਬਣਾਏ ਤਾਂ ਕਿ ਫੌਜ ਹਰਮਿੰਦਰ ਸਾਹਿਬ ਅਤੇ ਅਕਾਲ ਤਖਤ `ਤੇ ਹਮਲਾ ਕਰੇ ਅਤੇ ਉਹ ਸ਼ਹੀਦੀਆਂ ਪਾਉਣ? ਫਿਰ ਕੀ ਸਾਡਾ ਇਹ ਕਹਿਣ ਦਾ ਕੋਈ ਨੈਤਕ ਅਧਾਰ ਹੈ ਕਿ ਸਰਕਾਰ ਨੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਉਣ ਲਈ ਫੌਜੀ ਹਮਲਾ ਕੀਤਾ ਸੀ?

ਪਰ ਸਾਡੀਆਂ ਨਰਮ-ਖਿਆਲੀ ਅਤੇ ਗਰਮ-ਖਿਆਲੀ ਧਿਰਾਂ ਨੇ ਜਿਵੇਂ ਪਿਛਲੀਆਂ ਗਲਤੀਆਂ ਤੋਂ ਸਬਕ ਨਾ ਸਿੱਖਣ ਦੀ ਕਸਮ ਹੀ ਖਾਧੀ ਹੋਈ ਹੈ। ਚਾਹੀਦਾ ਤਾਂ ਇਹ ਸੀ ਕਿ ਜੂਨ, 84 ਦੀ 40ਵੀਂ ਬਰਸੀ ਮੌਕੇ ਸਾਰੀਆਂ ਧਿਰਾਂ ਸਿਰ ਜੋੜ ਕੇ ਬੈਠਦੀਆਂ ਤੇ ਗੰਭੀਰ ਚਿੰਤਨ ਕਰਦੀਆਂ ਕਿ ਸਾਡੀ ਕੌਮ ਨਾਲ਼ ਜੂਨ, 84 ਜਾਂ ਨਵੰਬਰ, 84 ਵਰਗੇ ਕੁਲਹਿਣੇ ਭਾਣੇ ਕਿਉਂ ਵਾਪਰੇ? ਸਾਡੇ ਵਿਦਵਾਨ ਰਲ਼-ਮਿਲ਼ ਕੇ ਵਿਚਾਰਾਂ ਕਰਦੇ ਕਿ 1947 ਤੋਂ ਬਾਅਦ ਕੌਮ ਵਲੋਂ ਲਗਾਏ ਗਏ, ਅਨੇਕਾਂ ਮੋਰਚਿਆਂ-ਸੰਘਰਸ਼ਾਂ ਵਿੱਚ ਬੇਹੱਦ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅਸੀਂ ਕੋਈ ਮਾਣਯੋਗ ਪ੍ਰਾਪਤੀ ਕਿਉਂ ਨਹੀਂ ਕਰ ਸਕੇ? ਅਸੀਂ ਪਿਛਲੇ 75 ਸਾਲ ਤੋਂ ਇਹ ਦਾਅਵਾ ਲਗਾਤਾਰ ਦੁਹਰਾਉਂਦੇ ਆ ਰਹੇ ਹਾਂ ਕਿ ਸਿੱਖਾਂ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ 80% ਤੋਂ ਵੱਧ ਕੁਰਬਾਨੀਆਂ ਕੀਤੀਆਂ, ਫਿਰ ਵੀ ਸਿੱਖਾਂ ਨਾਲ਼ ਦੂਜੇ ਦਰਜੇ ਦੇ ਸ਼ਹਿਰੀਆਂ ਵਾਲ਼ਾ ਵਤੀਰਾ ਹੋ ਰਿਹਾ ਹੈ। ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਪਰ ਸਾਡੀ ਲੀਡਰਸ਼ਿਪ ਨੇ ਆਪਣਾ ਕਦੇ ਰੀਵੀਊ ਨਹੀਂ ਕੀਤਾ ਕਿ ਕਿਤੇ ਇਸ ਸਾਰੇ ਵਰਤਾਰੇ ਵਿੱਚ ਮਾੜਾ-ਮੋਟਾ ਦੋਸ਼ ਸਾਡੇ ਵਿੱਚ ਵੀ `ਤੇ ਨਹੀਂ? ਹੁਣ ਇਸਦੀ ਤਾਜ਼ਾ ਮਿਸਾਲ ਇਥੋਂ ਮਿਲਦੀ ਹੈ ਕਿ ਸਾਡੇ ਤਖਤਾਂ ਦੇ ਪੰਜ ਸਿੰਘ ਸਹਿਬਾਨਾਂ ਵਲੋਂ 18 ਮਈ, 2024 ਨੂੰ ‘ਸਿੱਖ ਕੌਮ ਦੇ ਨਾਮ ਇੱਕ ਸੰਦੇਸ਼’ ਜਾਰੀ ਕੀਤਾ ਹੈ। ਜਿਸ ਵਿੱਚ ਕੌਮ ਨੂੰ ਬੈਠ ਕੇ ਆਪਣੀਆਂ ਸਮੱਸਿਆਵਾਂ `ਤੇ ਵਿਚਾਰ ਕਰਨ ਜਾਂ ਜੂਨ, 84 ਵਰਗੇ ਵੱਡੇ ਦੁਖਦਾਈ ਕਾਂਡਾਂ ਦਾ ਰਿਵੀਊ, ਕਰਨ ਦੀ ਅਪੀਲ ਦੀ ਥਾਂ ਇਹ ਕਿਹਾ ਗਿਆ ਹੈ ਕਿ ਇੱਕ ਹਫਤਾ ਕਾਲ਼ੀਆਂ ਪੱਗਾਂ ਬੰਨ੍ਹੋ, ਕਾਲੀਆਂ ਚੁੰਨ੍ਹੀਆਂ ਲਵੋ ਤਾਂ ਕਿ ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਸ਼ਾਂਤਮਈ ਕੀਰਤਨ ਸੁਣ ਰਹੀਆਂ ਸੰਗਤਾਂ `ਤੇ ਭਾਰਤੀ ਫੌਜਾਂ ਨੇ ਟੈਂਕਾਂ-ਤੋਪਾਂ ਨਾਲ਼ ਹਮਲਾ ਕਰਕੇ ਹਜਾਰਾਂ ਬੇਗੁਨਾਹ ਸਿੱਖ ਕਤਲ ਕਰ ਦਿੱਤੇ। ਅਜਿਹੀਆਂ ਸਟੇਟਮੈਂਟਾਂ ਸਾਡੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ ਪਿਛਲੇ 40 ਸਾਲ ਤੋਂ ਦੇ ਰਹੀ ਹੈ, ਕੀ ਉਸਦਾ ਕੌਮ ਨੂੰ ਕੋਈ ਲਾਭ ਹੋਇਆ ਜਾਂ ਹੋਰ ਨੁਕਸਾਨ ਹੋਇਆ, ਕੀ ਇਸ ਬਾਰੇ ਕਦੇ ਅਸੀਂ ਗੰਭੀਰ ਹੋਵਾਂਗੇ? ਬੜੀ ਹੈਰਾਨੀ ਹੋ ਰਹੀ ਹੈ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ `ਤੇ ਗੰਭੀਰ ਚਰਚਾ ਕਰਕੇ ਕੌਮ ਨੂੰ ਭਵਿੱਖ ਲਈ ਕੋਈ ਪ੍ਰੋਗਰਾਮ ਦੇਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਦਲ, ਭਾਰਤ ਵਿੱਚ ਚੱਲ ਰਹੀਆਂ ਪਾਰਲੀਮਾਨੀ ਵੋਟਾਂ ਵਿੱਚ ਇਸ ਦੁਖਾਦਾਈ ਘਟਨਾ ਤੋਂ ਸਿਆਸੀ ਲਾਹਾ ਲੈਣ ਲਈ ਵਰਤ ਰਹੇ ਹਨ।

ਅਸੀਂ ਕਿਤਨਾ ਚਿਰ ਅਜਿਹੀ ਬਲੇਮ ਗੇਮ ਖੇਡਦੇ ਰਹਾਂਗਾ। ਕਦੋਂ ਅਸੀਂ ਆਪਣੇ ਕੌਮੀ ਮੁੱਦਿਆਂ ਪ੍ਰਤੀ ਗੰਭੀਰ ਹੋਵਾਂਗੇ? ਅਸੀਂ ਕਦੋਂ ਗਰਮ-ਖਿਆਲੀ ਅਤੇ ਖਾੜਕੂ ਧਿਰਾਂ ਨੂੰ ਸਵਾਲ ਕਰਾਂਗੇ ਕਿ ਅਕਾਲੀਆਂ ਦੇ ‘ਸ਼ਾਂਤਮਈ ਧਰਮ ਯੁੱਧ ਮੋਰਚੇ’ ਵਿੱਚ ਹਿੰਸਾ ਤੇ ਕਤਲੋਗਾਰਤ ਕਿਸਦੇ ਇਸ਼ਾਰੇ `ਤੇ ਵਾੜੀ ਗਈ? ਜਦੋਂ ਹਰਿਮੰਦਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਸਰਕਾਰੀ ਫੋਰਸਾਂ ਨੇ ਘੇਰਾ ਪਾਇਆ ਹੋਇਆ ਸੀ ਤਾਂ ਕੰਪਲੈਕਸ ਅੰਦਰ ਕਿਸਦੀ ਮੱਦਦ ਨਾਲ਼ ਮਿਲਟਰੀ ਦੀਆਂ ਤੋਪਾਂ ਉਡਾਉਣ ਵਾਲ਼ੇ ਮਾਰੂ ਹਥਿਆਰ ਪਹੁੰਚੇ? ਸ਼ਾਂਤਮਈ ਮੋਰਚੇ ਵਿੱਚ ਅਜਿਹੇ ਮੋਰਚੇ ਕਿਉਂ ਬਣਾਏ ਗਏ, ਜਿਵੇਂ ਕਿ ਕਿਸੇ ਦੇਸ਼ ਦੀ ਫੌਜ ਨਾਲ਼ ਜੰਗ ਲੜਨੀ ਹੋਵੇ? ਜੇ ਮੋਰਚੇ ਬਣਾਉਣ ਅਤੇ ਹਥਿਆਰ ਜਮ੍ਹਾਂ ਕਰਨ ਵਾਲ਼ਿਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਫਿਰ ਇਹ ਗੱਲ ਆਮ ਸੰਗਤ ਨੂੰ ਕਿਉਂ ਨਹੀ ਦੱਸੀ ਗਈ ਤਾਂ ਕਿ ਉਹ ਆਪਣੀਆਂ ਜਾਨਾਂ ਬਚਾ ਸਕਦੇ? ਜੇ ਅੰਦਰ ਬੈਠੇ ਖਾੜਕੂਆਂ ਨੂੰ ਪਤਾ ਸੀ ਕਿ ਭਾਰਤੀ ਫੌਜ ਹਮਲਾ ਕਰੇਗੀ ਤਾਂ ਉਹ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਬਚਾਉਣ ਲਈ ਬਾਹਰ ਕਿਉਂ ਨਹੀਂ ਚਲੇ ਗਏ ਤਾਂ ਕਿ ਉਥੇ ਹੋਈ ਤਬਾਹੀ ਬਚ ਜਾਂਦੀ? ਉਹ ਭਾਰਤੀ ਫੌਜ ਨੂੰ ਬਾਹਰ ਜਾ ਕੇ ਚੈਲਿੰਜ ਕਰ ਸਕਦੇ ਸਨ ਅਤੇ ਆਪਣੀ ਬਹਾਦਰੀ ਦਿਖਾ ਸਕਦੇ ਸਨ। ਜੇ ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂ 1-4 ਜੂਨ ਤੱਕ ਆਪਣੇ ਪਰਿਵਾਰਾਂ ਨੂੰ ਬਾਹਰ ਕੱਢ ਸਕਦੇ ਸਨ ਤਾਂ ਇਹ ਮੌਕਾ ਬੇਗੁਨਾਹ ਸ਼ਰਧਾਲੂਆਂ ਨੂੰ ਬਾਹਰ ਜਾਣ ਲਈ ਕਿਉਂ ਨਹੀਂ ਦਿੱਤਾ ਗਿਆ?

ਪ੍ਰੋ ਹਰਿੰਦਰ ਸਿੰਘ ਮਹਿਬੂਬ, ਭਾਅ ਜੀ ਦਲਬੀਰ ਸਿੰਘ ਪੱਤਰਕਾਰ, ਸਿ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਪੱਤਰਕਾਰ ਕਰਮਜੀਤ ਸਿੰਘ ਅਤੇ ਖਾਸਕਰ ਸ. ਅਜਮੇਰ ਸਿੰਘ ਵਰਗੇ ਕਿਤਨੇ ਹੀ ਹੋਰ ਅਹਿਮ ਸਿੱਖ ਚਿੰਤਕ ਅਜਿਹਾ ਰਾਗ ਲਗਾਤਾਰ ਅਲਾਪੀ ਜਾ ਰਹੇ ਹਨ ਕਿ ਬ੍ਰਾਹਮਣਵਾਦੀ ਸਰਕਾਰ ਨੇ ਫੌਜ ਭੇਜ ਕੇ ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਪੁਗਾਇਆ ਸੀ? ਆਪਣੀ 1 ਜੂਨ, 2024 ਨੂੰ ਜਾਰੀ ਤਾਜ਼ਾ ਵੀਡੀਓ ਵਿੱਚ ਅਜਮੇਰ ਸਿੰਘ ਜੀ ਨੇ ਜੂਨ, 84 ਦੀ ਘਟਨਾ ਨੂੰ 18ਵੀਂ ਸਦੀ ਵਿੱਚ ਮੁਗਲਾਂ ਜਾਂ ਪਠਾਣਾਂ ਵਲੋਂ ਹਰਿਮੰਦਰ ਸਾਹਿਬ `ਤੇ ਕੀਤੇ ਹਮਲਿਆਂ ਨਾਲ਼ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਤਾ ਨਹੀਂ ਸਾਡੇ ਇਹ ਮਹਾਨ ਇਤਿਹਾਸਕਾਰ ਕਿਵੇਂ ‘ਕਹਾਂ ਕੀ ਈਟ, ਕਹਾਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ’ ਦੀ ਕਹਾਵਤ ਵਾਂਗ ਐਧਰ-ਓਦਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਚੁੱਕ ਕੇ ਕਿਵੇਂ 2 ਜਮ੍ਹਾਂ 2 ਚਾਰ ਕਰ ਲੈਂਦੇ ਹਨ? 18ਵੀਂ ਸਦੀ ਦੇ ਵਿਦੇਸ਼ੀ ਧਾੜਵੀਆਂ ਮੱਸਾ ਰੰਗੜ, ਜਕਰੀਆ ਖਾਨ, ਮੀਰ ਮਨੂੰ, ਅਬਦਾਲੀ ਆਦਿ ਨੂੰ 20ਵੀਂ ਸਦੀ ਦੇ ਲੋਕਤੰਤਰੀ ਸਿਸਟਮ ਨਾਲ਼ ਜੋੜਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਵਿਦਵਾਨਾਂ ਦੀ ਸੋਚ ਦਾ ਪੱਧਰ ਕਿੱਥੇ ਖੜਾ ਹੈ? ਸਵਾਲ ਪੈਦਾ ਹੁੰਦਾ ਹੈ ਕਿ ਕੀ 18ਵੀਂ ਸਦੀ ਦੇ ਮੁਗਲ ਜਾਂ ਪਠਾਣ ਹਮਲਾਵਰਾਂ ਨੇ ਹਰਿਮੰਦਰ ਸਾਹਿਬ `ਤੇ ਹਮਲੇ ਇਸ ਕਰਕੇ ਕਰਦੇ ਸਨ ਕਿ ਇੱਥੇ ਮੁਗਲ ਹਕੂਮਤ ਨਾਲ਼ ਲੜ ਰਹੇ, ਸਿੱਖ ਜੋਧੇ ਛੁਪੇ ਹੋਏ ਸਨ ਜਾਂ ਇਸ ਕਰਕੇ ਕਰਦੇ ਸਨ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਖਾਲਸਾ ਫੌਜਾਂ ਨੂੰ ਉਨ੍ਹਾਂ ਨਾਲ਼ ਲੜਨ ਲਈ ਸਪਿਰਟ ਹਰਿਮੰਦਰ ਸਾਹਿਬ ਤੋਂ ਮਿਲਦੀ ਹੈ? ਅਫਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ `ਤੇ ਤਿੰਨ ਵਾਰ ਹਮਲਾ ਕੀਤਾ, ਕੀ ਉਹ ਹਮਲੇ ਇਸ ਕਰਕੇ ਕੀਤੇ ਗਏ ਸਨ ਕਿ ਮਿਸਲਾਂ ਦੇ ਸਰਦਾਰਾਂ ਨੇ ਅਬਦਾਲੀ ਦੇ ਹਮਲਿਆਂ ਤੋਂ ਬਚਣ ਲਈ ਉਥੇ ਸ਼ਰਨ ਲਈ ਹੋਈ ਸੀ ਜਾਂ ਉਥੇ ਮੋਰਚਾਬੰਦੀ ਕੀਤੀ ਹੋਈ ਸੀ, ਜਿਸ ਤਰ੍ਹਾਂ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਅਗਵਾਈ ਵਿੱਚ ਖਾੜਕੂਆਂ ਨੇ ਪਨਾਹ ਲਈ ਹੋਈ ਸੀ ਅਤੇ ਮੋਰਚਬੰਦੀ ਕਰ ਲਈ ਸੀ? ਪਤਾ ਨਹੀਂ ਕਿਸ ਅਧਾਰ `ਤੇ ਅਜਮੇਰ ਸਿੰਘ ਵਰਗੇ ਸੂਝਵਾਨ ਚਿੰਤਕ ਘਟਨਾਵਾਂ ਦਾ ਜੋੜ ਘਟਾਓ ਕਰਦੇ ਹਨ? ਜਦੋਂ ਵੀ 18ਵੀਂ ਸਦੀ ਵਿੱਚ ਖਾਲਸਾ ਫੌਜਾਂ ਨੇ ਅਬਦਾਲੀ ਜਾਂ ਹੋਰ ਧਾੜਵੀਆਂ ਨਾਲ਼ ਲੜਾਈ ਕੀਤੀ ਤਾਂ ਖਾਲਸਾ ਫੌਜਾਂ ਬਾਹਰੋਂ ਉਨ੍ਹਾਂ ਨਾਲ਼ ਲੜਨ ਆਉਂਦੇ ਸਨ, ਨਾ ਕਿ ਅੰਦਰ ਬੈਠ ਕੇ ਲੜਦੇ ਸਨ। ਕੀ ਜੂਨ, 84 ਵਿੱਚ ਸਭ ਕੁੱਝ ਇਸ ਤੋਂ ਉਲਟ ਨਹੀਂ ਸੀ? ਮੱਸੇ ਰੰਗੜ ਨੇ ਦਰਬਾਰ ਸਾਹਿਬ `ਤੇ ਕਬਜਾ ਕਰਕੇ ਕੰਜਰੀਆਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਸੁੱਖ ਸਿੰਘ, ਮਹਿਤਾਬ ਸਿੰਘ ਉਸਦਾ ਕਬਜਾ ਛੁਡਾਉਣ ਲਈ ਬੀਕਾਨੇਰ ਦੇ ਜੰਗਲਾਂ `ਚੋਂ ਆਏ ਸਨ। ਸ. ਅਜਮੇਰ ਸਿੰਘ ਜੀ ਅਤੇ ਹੋਰ ਪੰਥਕ ਸਿੱਖ ਵਿਦਵਾਨਾਂ ਨੂੰ ਸਾਡਾ ਬਹੁਤ ਨਿਮਰਤਾ ਸਾਹਿਤ ਸਵਾਲ ਹੈ ਕਿ ਉਹ ਸਿੱਖ ਕੌਮ ਨੂੰ ਦੱਸਣ; ਕੀ 18ਵੀਂ ਸਦੀ ਵਿੱਚ ਕਦੇ ਵੀ ਸਿੱਖਾਂ ਨੇ ਹਰਮਿੰਦਰ ਸਾਹਿਬ ਜਾਂ ਅਕਾਲ ਤਖਤ ਨੂੰ ਆਪਣੇ ਬਚਾ ਲਈ ਢਾਲ਼ ਵਜੋਂ ਵਰਤਿਆ ਸੀ? ਬੇਸ਼ਕ ਸਾਡਾ ਮਕਸਦ ਕਿਸੇ ਧਿਰ ਨੂੰ ਦੋਸ਼ੀ ਬਣਾਉਣ ਜਾਂ ਕਿਸੇ ਨੂੰ ਬਰੀ ਕਰਨਾ ਨਹੀਂ, ਇਹ ਫੈਸਲਾ ਤਾਂ ਸਿੱਖ ਕੌਮ ਨੇ ਕਰਨਾ ਹੈ। ਪਰ ਸਾਡਾ ਸਿੱਖ ਵਿਦਵਾਨਾਂ ਨੂੰ ਵਾਰ-ਵਾਰ ਸਵਾਲ ਹੈ ਕਿ ਉਹ ਕੌਮ ਨੂੰ ਦੱਸਣ ਕਿ ਜੇ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਨੂੰ ਢਾਹ ਕੇ 5 ਸਦੀਆਂ ਦਾ ਬ੍ਰਾਹਮਣਵਾਦੀ ਵੈਰ ਹੀ ਪੁਗਾਉਣਾ ਸੀ ਤਾਂ ਕੀ ਉਹ ਮਿਲਟਰੀ ਜਹਾਜ ਨਾਲ਼ 2-4 ਮਿਜ਼ਾਈਲਾਂ ਸੁੱਟ ਕੇ ਤਬਾਹ ਨਹੀਂ ਕਰ ਸਕਦੇ ਸਨ? ਫਿਰ ਉਨ੍ਹਾਂ ਨੂੰ ਤੁਹਾਡੇ ਕਹਿਣ ਮੁਤਾਬਿਕ 10 ਹਜਾਰ ਫੌਜੀ ਮਰਵਾਉਣ ਦੀ ਕੀ ਲੋੜ ਸੀ? ਇਸ ਸਬੰਧੀ ਸਾਬਕਾ ਰਾਅ ਅਫਸਰ ਜੀ ਬੀ ਐਸ ਸਿੱਧੂ ਆਪਣੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼’ ਦੇ ਚੈਪਟਰ ‘ਹੈਲੀਬੋਰਨ ਕਮਾਂਡੋ ਓਪਰੇਸ਼ਨ ਦੀ ਯੋਜਨਾ ਨੂੰ ਨਾ-ਮਨਜੂਰੀ’ ਵਿੱਚ ਲਿਖਦੇ ਹਨ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿੱਚ ਵਧਦੀ ਹਿੰਸਾ ਦੇ ਮੱਦੇ-ਨਜ਼ਰ ਸਰਕਾਰ ਨੂੰ ਨਵੰਬਰ, 1983 ਵਿੱਚ ਸਲਾਹ ਦਿੱਤੀ ਸੀ ਕਿ ਦਰਬਾਰ ਸਾਹਿਬ ਅੰਦਰ ਪੁਲਿਸ ਜਾਂ ਫੌਜ ਭੇਜਣ ਦੀ ਥਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਛੱਤ ਉਪਰ ਲੈਕਚਰ ਕਰਦਿਆਂ ‘ਹੈਲੀਬੋਰਨ ਕਮਾਂਡੋ’ ਆਪਣੇ ‘ਓਪਰੇਸ਼ਨ ਸੰਨਡਾਊਨ’ (ਭਾਵ ਝਪਟਣਾ ਅਤੇ ਫੜਨਾ) ਰਾਹੀਂ ਚੁੱਕ ਲਿਆਉਣਗੇ ਤਾਂ ਮੈਡਮ ਇੰਦਰਾ ਨੇ ਮਨਜੂਰੀ ਨਹੀਂ ਦਿੱਤੀ ਸੀ ਕਿਉਂਕਿ ਉਸ ਵਿੱਚ ਕੁੱਝ ਬੇਗੁਨਾਹ ਲੋਕ ਮਾਰੇ ਜਾ ਸਕਦੇ ਸਨ। ਜੇ ਜੀ ਬੀ ਸਿੱਧੂ ਦੀ ਇਹ ਰਿਪੋਰਟ ਸਹੀ ਹੈ ਤਾਂ ਇਸਦਾ ਮਤਲਬ ਇਹੀ ਹੈ ਕਿ ਨਵੰਬਰ, 1983 ਤੱਕ ਵੀ ਭਾਰਤ ਸਰਕਾਰ ਕਿਸੇ ਵੀ ਢੰਗ ਨਾਲ਼ ਕੋਈ ਵੱਡੀ ਕਾਰਵਾਈ ਕਰਨ ਤੋਂ ਝਿਜਕ ਰਹੀ ਸੀ। ਇਸ ਕਿਤਾਬ ਅਨੁਸਾਰ ਇਹ ਕਾਰਵਾਈ ਸਿਰੇ ਨਾ ਚੜ੍ਹਨ ਤੋਂ ਕੁੱਝ ਦਿਨ ਬਾਅਦ ਹੀ ਸੰਤ ਭਿੰਡਰਾਂਵਾਲ਼ੇ ਨੇ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ `ਤੇ ਜਾ ਸ਼ਰਨ ਲਈ ਸੀ।

ਬੇਸ਼ੱਕ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਜੀਵਨ ਦੀਆਂ ਸਾਰੀਆਂ ਲੜਾਈਆਂ ਆਤਮ ਰੱਖਿਆ ਲਈ ਲੜੀਆਂ ਅਤੇ ਆਪ ਕਿਸੇ `ਤੇ ਹਮਲਾ ਨਹੀਂ ਕੀਤਾ ਸੀ, ਪਰ ਫਿਰ ਵੀ ਕੀ ਕਦੇ ਗੁਰੂ ਸਾਹਿਬਾਨ ਨੇ ਕਦੇ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਅਸਥਾਨ ਨੂੰ ਆਪਣੀ ਰੱਖਿਆ ਲਈ ਢਾਲ਼ ਵਜੋਂ ਵਰਤਿਆ? ਜੇ 18ਵੀਂ ਸਦੀ ਵਿੱਚ ਸਿੱਖ ਮਿਸਲਾਂ ਦੇ ਦੌਰ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜੀਆ, ਨਵਾਬ ਕਪੂਰ ਸਿੰਘ ਆਦਿ ਸਿੱਖ ਸਰਦਾਰਾਂ ਨੇ ਹਰਿਮੰਦਰ ਸਾਹਿਬ ਦੇ ਦੁਆਲ਼ੇ ਮੋਰਚਾਬੰਦੀ ਕੀਤੀ ਜਾਂ ਕਿਲੇ ਵੀ ਬਣਾਏ, ਪਰ ਇਸ ਅਸਥਾਨ ਨੂੰ ਢਾਲ਼ ਵਜੋਂ ਵਰਤਣ ਲਈ ਨਹੀਂ, ਸਗੋਂ ਇਸ ਅਸਥਾਨ ਦੀ ਰੱਖਿਆ ਲਈ ਬਣਾਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੱਚੀ ਗੜ੍ਹੀ ਵਿੱਚ ਤਾਂ ਪਨਾਹ ਜਰੂਰ ਲਈ, ਪਰ ਕਿਸੇ ਧਾਰਮਿਕ ਅਸਥਾਨ ਨੂੰ ਆਪਣੀ ਰੱਖਿਆ ਲਈ ਨਹੀਂ ਵਰਤਿਆ। ਹੁਣ ਆਪਣੀ ਤਾਜ਼ਾ ਵੀਡੀਓ ਵਿੱਚ ਅਜਮੇਰ ਸਿੰਘ ਜੀ ਸਿੱਖਾਂ ਨੂੰ ਮੇਹਣਾ ਮਾਰਦੇ ਹਨ ਕਿ 18ਵੀਂ ਸਦੀ ਵਿੱਚ ਸਿੱਖ ਹਮਲਾਵਰਾਂ ਖਿਲਾਫ ਇੱਕਜੁੱਟ ਹੋ ਕੇ ਲੜਦੇ ਸਨ, ਪਰ 84 ਦੇ ਹਮਲੇ ਵੇਲੇ ਬਹੁ-ਗਿਣਤੀ ਸਿੱਖ ਹਮਲਾਵਰ ਫੌਜ ਵਿਰੁੱਧ ਨਹੀਂ ਉਠੇ, ਜਿਸ ਤਰ੍ਹਾਂ ਅਬਦਾਲੀ ਵਿਰੁੱਧ ਉਠਦੇ ਸਨ। ਫਿਰ ਉਹ ਆਪ ਹੀ ਆਪਣਾ ਇਤਿਹਾਸਕ ਫੈਸਲਾ ਸੁਣਾਉਂਦੇ ਹਨ ਕਿ ਇਸਦਾ ਕਾਰਣ ਇਹ ਸੀ ਕਿ ਬਹੁ-ਗਿਣਤੀ ਸਿੱਖਾਂ ਨੇ ਭਾਰਤ ਦੀ ਹਿੰਦੂਵਾਦੀ ਸਰਕਾਰ ਦੀ ਸਰੀਰਕ ਤੇ ਮਾਨਸਿਕ ਗੁਲਾਮੀ ਕਬੂਲ ਕਰ ਲਈ ਹੈ ਅਤੇ ਅਜਿਹੇ ਗੁਲਾਮ ਸਿੱਖਾਂ ਦੀ ਗਿਣਤੀ ਪਿਛਲੇ 40 ਸਾਲਾਂ ਵਿੱਚ ਵਧੀ ਹੈ, ਘਟੀ ਨਹੀਂ? ਕੀ ਭਾਈ ਅਜਮੇਰ ਸਿੰਘ ਹੋਰਾਂ ਨੂੰ ਬਹੁ-ਗਿਣਤੀ ਸਿੱਖਾਂ ਨੂੰ ਗੁਲਾਮ ਕਹਿਣ ਤੋਂ ਪਹਿਲਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਤੇ ਕੋਈ ਕਮੀ ਉਨ੍ਹਾਂ ਵਿੱਚ ਵੀ ਸੀ, ਜਿਨ੍ਹਾਂ ਨੇ 18ਵੀਂ ਸਦੀ ਦੇ ਜੰਗੀ ਫੈਸਲਿਆਂ ਦੇ ਉਲਟ, ਆਮ ਹਾਲਾਤਾਂ ਵਿੱਚ ਅਕਾਲ ਤਖਤ ਨੂੰ ਆਪਣੇ ਬਚਾਅ ਲਈ ਢਾਲ਼ ਬਣਾ ਲਿਆ ਸੀ ਅਤੇ ਅੰਦਰੋਂ ਅਜਿਹੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆ ਸਨ, ਜਿਨ੍ਹਾਂ ਨੂੰ ਬਹੁ-ਗਿਣਤੀ ਸਿੱਖ ਪਸੰਦ ਨਹੀਂ ਕਰਦੇ ਸਨ। ਅੰਦਰੋਂ ਕੀਤੀਆਂ ਗਈਆਂ ਕਾਰਵਾਈਆਂ ਦਾ ਵੇਰਵਾ ਅੱਗੇ ਦਿੱਤਾ ਜਾ ਰਿਹਾ ਹੈ।

ਇਸ ਆਰਟੀਕਲ ਨਾਲ਼ ਦਿੱਤੀ ਜਾ ਰਹੀ ਇੱਕ ਤਸਵੀਰ ਅਨੁਸਾਰ ਇੱਕ ਪ੍ਰਚਾਰਕ ਗੁਰਦੁਆਰੇ ਵਿੱਚ ਕਥਾ ਕਰ ਰਿਹਾ ਹੈ ਕਿ ਸਿੱਖ ਬੀਬੀਆਂ ਨੇ ਆਪਣੇ ਸਰੀਰ ਨਾਲ਼ ਬੰਬ ਬੰਨ੍ਹ ਕੇ ਭਾਰਤੀ ਫੌਜ ਦੇ ਕਈ ਟੈਂਕ 20-20 ਫੁੱਟ ਹਵਾ `ਚ ਉਡਾ ਦਿੱਤੇ। ਇਸੇ ਤਰ੍ਹਾਂ ਸਾਡੇ ਪ੍ਰਚਾਰਕਾਂ ਵਲੋਂ ਕਿਹਾ ਜਾਂਦਾ ਹੈ ਕਿ ਸਿੰਘਾਂ ਨੇ 800 ਤੋਂ ਵੱਧ ਹਵਾਈ ਜਹਾਜ਼ ਰਾਹੀਂ ਉਤਾਰੇ ਜਾ ਰਹੇ ਸਪੈਸ਼ਲ ਕਮਾਂਡੋ ਹਵਾ ਵਿੱਚ ਹੀ ਉਡਾ ਦਿੱਤੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਪ੍ਰਕਰਮਾਂ ਵਿੱਚ ਖਿਲਰ ਗਏ। ਇਸੇ ਤਰ੍ਹਾਂ ਦੇ ਅਨੇਕਾਂ ਵੱਡੇ-ਵੱਡੇ ਦਾਅਵੇ ਪਿਛਲੇ 40 ਸਾਲ ਤੋਂ ਕੀਤੇ ਜਾ ਰਹੇ ਹਨ ਕਿ ਸਿੰਘਾਂ ਨੇ ਦਸ ਹਜ਼ਾਰ ਤੋਂ ਵੱਧ ਫੌਜੀ ਮਾਰ ਮੁਕਾਏ ਸਨ। ਅਜਿਹੇ ਦਾਅਵੇ ਕਰਦੇ ਵਕਤ ਉਨ੍ਹਾਂ ਨੂੰ ਚੇਤਾ ਭੁੱਲ ਜਾਂਦਾ ਹੈ ਕਿ ਇਤਨੇ ਫੌਜੀ ਤਾਂ ਭਾਰਤੀ ਫੌਜ ਦੇ ਭਾਰਤ-ਪਾਕਿਸਤਾਨ ਤਿੰਨ ਜੰਗਾਂ ਵਿੱਚ ਨਹੀਂ ਮਰੇ ਸਨ। ਫਿਰ ਇੱਕ ਹੋਰ ਸਵਾਲ ਖੜਾ ਹੋ ਜਾਂਦਾ ਹੈ ਕਿ ਜੇ ਸਾਡੇ ਸਿੰਘਾਂ ਕੋਲ਼ ਇਤਨੇ ਮਾਰੂ ਹਥਿਆਰ ਸਨ ਕਿ ਉਹ, ਉਸ ਭਾਰਤੀ ਫੌਜ ਦੇ 10 ਹਜ਼ਾਰ ਫੌਜੀ ਮਾਰ ਸਕਦੇ ਸਨ, ਜਿਸਨੇ ਅਜੇ 13 ਸਾਲ ਪਹਿਲਾਂ 1971 ਦੀ ਜੰਗ ਵਿੱਚ 90 ਹਜ਼ਾਰ ਪਾਕਿਸਤਾਨੀ ਫੌਜ ਤੋਂ ਹਥਿਆਰ ਸੁਟਵਾ ਲਏ ਸਨ ਤਾਂ ਫਿਰ ਸਾਡੇ ਵਲੋਂ ਪੀੜ੍ਹਤ ਬਣਨ ਦੇ ਕੀ ਅਰਥ ਰਹਿ ਜਾਂਦੇ ਹਨ? ਫਿਰ ਸਾਡੇ ਇਸ ਪ੍ਰਚਾਰ ਦੀ ਕੀ ਤੁਕ ਬਣਦੀ ਹੈ ਕਿ ਭਾਰਤ ਸਰਕਾਰ ਨੇ ਗੁਰਪੁਰਬ ਮਨਾ ਰਹੀਆਂ ਨਿਹੱਥੀਆਂ ਸਿੱਖ ਸੰਗਤਾਂ `ਤੇ ਸਾਜਿਸ਼ ਨਾਲ਼ ਹਮਲਾ ਕਰਕੇ ਪੰਜ ਸਦੀਆਂ ਦਾ ਵੈਰ ਪੁਗਾਇਆ ਸੀ। ਮੈਨੂੰ ਕਦੇ ਸਮਝ ਨਹੀਂ ਆਈ ਕਿ ਗੁਰਦੁਆਰਿਆਂ ਵਿੱਚ ਸਾਡੇ ਪ੍ਰਚਾਰਕ ਅਜਿਹਾ ਝੂਠਾ ਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਹਾਸਿਲ ਕੀ ਕਰਨਾ ਚਾਹੁੰਦੇ ਹਨ? ਸਾਡੀ ਲੀਡਰਸ਼ਿਪ 40 ਸਾਲ ਬਾਅਦ ਵੀ ਇਹ ਫੈਸਲਾ ਨਹੀਂ ਕਰ ਪਾ ਰਹੀ ਕਿ ਅਸੀਂ ਪੀੜ੍ਹਤ ਧਿਰ ਬਣਨਾ ਹੈ ਜਾਂ ਹਮਲਾਵਰ? ਕੀ ਇਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਸਾਡੇ ਲੀਡਰ ਤੇ ਵਿਦਵਾਨ ਹਰ ਪੱਧਰ `ਤੇ ਦੋਗਲੇਪਨ ਦਾ ਸ਼ਿਕਾਰ ਹਨ?

ਜੇ ਕਨੇਡਾ ਵਰਗੇ ਸ਼ਾਂਤ ਦੇਸ਼ ਵਿੱਚ ਪਬਲਿਕ ਵਿੱਚ ਨੰਗਾ ਚਾਕੂ ਰੱਖਣ ਕਰਕੇ ਪੁਲਿਸ ਬੰਦਾ ਮਾਰਨ ਲੱਗੀ ਇੱਕ ਮਿੰਟ ਨਹੀਂ ਲਾਉਂਦੀ ਤਾਂ ਅਸੀਂ ਕਿਉਂ 40 ਸਾਲ ਬਾਅਦ ਵੀ ਇਹ ਗੱਲ ਨਹੀਂ ਸਮਝ ਸਕੇ ਜਾਂ ਸਮਝ ਰਹੇ ਕਿ ਜਦੋਂ ਸਾਰੇ ਪਾਸੇ ਬੇਗੁਨਾਹਾਂ ਦੇ ਕਤਲ ਹੋ ਰਹੇ ਸਨ, ਖਾੜਕੂਆਂ ਕੋਲ਼ ਪਾਕਿਸਤਾਨ ਦੀ ਆਰਮੀ ਤੋਂ ਵੱਧ ਖਤਰਨਾਕ ਹਥਿਆਰ ਸਨ ਤਾਂ ਕੀ ਅਸੀਂ ਸਰਕਾਰ ਨੂੰ ਫੌਜ ਭੇਜਣ ਲਈ ਆਪ ਸੱਦਾ ਨਹੀਂ ਦੇ ਰਹੇ ਸੀ? ਪਿਛਲੇ ਸਾਲ ਖਾੜਕੂ ਧਿਰਾਂ ਨਾਲ਼ ਸਬੰਧਤ ਲੇਖਕ ਬਲਜੀਤ ਸਿੰਘ ਖਾਲਸਾ ਨੇ ਆਪਣੀ ਕਿਤਾਬ ‘ਰੌਸ਼ਨ ਦਿਮਾਗ: ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ’ ਵਿੱਚ ਕਈ ਬੜੇ ਸਨਸਨੀਖੇਜ਼ ਖੁਲਾਸੇ ਕੀਤੇ ਹਨ ਕਿ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਸੰਧੂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਦੀ ਇੱਕ ਗੁਪਤ ਖਾੜਕੂ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਬਣਾਈ, ਜਿਸਦੇ ਮਕਸਦ ਬਾਰੇ ਕਿਤਾਬ ਵਿੱਚ ਇਵੇਂ ਲਿਖਿਆ ਹੈ: ‘ਫੈਡਰੇਸ਼ਨ ਦੀ ਅਗਵਾਈ ਵਾਲ਼ਾ ਇਹ ਜੁਝਾਰੂ ਵਿੰਗ ਬੰਬ ਧਮਾਕੇ, ਅਤੇ ਹੋਰ ਹਿੰਸਕ ਕਾਰਵਾਈਆਂ ਦੀ ਜਿੰਮੇਵਾਰੀ ਭਾਈ ਸਰਦੂਲ ਸਿੰਘ ਦੇ ਨਕਲੀ ਨਾਮ ਹੇਠ ਲਿਆ ਕਰਨਗੇ’ (ਪੰਨਾ: 63)। ਫੈਡਰੇਸ਼ਨ ਦੇ ਇਹ ਸਾਰੇ ਜੁਝਾਰੂ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਅੰਦਰ ਹੀ ਰਹਿੰਦੇ ਸਨ ਅਤੇ ਇੱਥੋਂ ਵਾਰਦਾਤਾਂ ਕਰਕੇ ਵਾਪਿਸ ਉਥੇ ਹੀ ਆ ਜਾਂਦੇ ਸਨ। ਇਸ ਬਾਰੇ ਹੋਰ ਜਾਣਕਾਰੀ ਇਸੇ ਕਿਤਾਬ ਦੇ ਵੱਖ-ਵੱਖ ਪੰਨਿਆਂ `ਤੇ ਵੱਖ-ਵੱਖ ਸਿਰਲੇਖਾਂ ਹੇਠ ਇਵੇਂ ਦਰਜ ਕੀਤੀ ਗਈ ਹੈ: ‘ਕਾਮਰੇਡਾਂ ਦੀ ਸੁਧਾਈ: ਕਾਲਿਜਾਂ ਵਿੱਚ ਕਾਮਰੇਡ ਜਥੇਬੰਦੀਆਂ ਨਾਲ਼ ਸਬੰਧਤ ਸਿੱਖ ਨੌਜਵਾਨਾਂ `ਤੇ ਹਮਲੇ ਕਰਨੇ ਤਾਂ ਕਿ ਦਹਿਸ਼ਤ ਨਾਲ਼ ਸਟੂਡੈਂਟ ਆਪਣੀਆਂ ਯੂਨੀਅਨਾਂ ਬੰਦ ਕਰ ਦੇਣ’ (ਪੰਨਾ: 29), ‘ਹਿੰਸਕ ਪ੍ਰਤੀਕਰਮ: ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਲੰਧਰ ਦੇ ਇੱਕ ਬਜ਼ਾਰ ਵਿੱਚ 4 ਹਿੰਦੂ ਮਾਰਨੇ ਅਤੇ 12 ਜ਼ਖਮੀ ਕਰਨੇ’ (ਪੰਨਾ: 60), ‘ਬੰਬ ਧਮਾਕੇ: 6-10 ਅਕਤੂਬਰ, 1981 ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ `ਤੇ 10 ਬੰਬ ਧਮਾਕੇ ਕੀਤੇ ਗਏ, ਇਸ ਦੌਰਾਨ 2 ਪੁਲਿਸ ਕਰਮਚਾਰੀ, 3 ਨਿਰੰਕਾਰੀ ਤੇ 17 ਹੋਰ ਵਿਅਕਤੀਆਂ ਦੀ ਮੌਤ ਹੋਈ ਅਤੇ 26 ਜ਼ਖਮੀ ਹੋਏ, 4 ਰੇਲਵੇ ਲਾਈਨਾਂ ਤੋੜ ਕੇ ਰੇਲ ਗੱਡੀਆਂ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ’ (ਪੰਨਾ: 64), ‘26 ਜਨਵਰੀ ਦੇ ਐਕਸ਼ਨ: 26 ਜਨਵਰੀ, 1983 ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਕਈ ਬੰਬ ਧਮਾਕੇ ਕੀਤੇ ਗਏ’ (ਪੰਨਾ: 92), ‘ਹੋਰ ਐਕਸ਼ਨ: ਜਲੰਧਰ ਦੀ ਦੈਨਿਕ ਪ੍ਰਤਾਪ ਅਖ਼ਬਾਰ ਦੇ ਦਫਤਰ ਵਿੱਚ ਬੰਬ ਧਮਾਕੇ ਨਾਲ਼ ਦੋ ਹਿੰਦੂ ਮੁਲਾਜ਼ਮ ਮਰੇ’ (ਪੰਨਾ: 103), ‘ਐਸ ਐਸ ਪੀ ਡੀ ਆਰ ਭੱਟੀ `ਤੇ ਹਮਲਾ’ (ਪੰਨਾ: 109), ‘ਬੁੱਚੜ ਥਾਣੇਦਾਰ ਬਿਛੂ ਰਾਮ ਦੀ ਸੁਧਾਈ’ (ਪੰਨਾ: 136), ‘ਦਿੱਲੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਦਾ ਕਤਲ: ਫੈਡਰੇਸ਼ਨ ਆਗੂ ਗੁਰਿੰਦਰ ਸਿੰਘ ਭੋਲਾ, ਵਿਰਸਾ ਸਿੰਘ ਵਲਟੋਹਾ ਤੇ ਅਮਰਜੀਤ ਸਿੰਘ ਚਾਵਲਾ ਨੇ ਦਿੱਲੀ ਜਾ ਕੇ ਕਤਲ ਕੀਤਾ’ (ਪੰਨਾ: 162), ‘ਭਾਜਪਾ ਐਮ ਅੇਲ ਏ, ਹਰਬੰਸ ਲਾਲ ਖੰਨਾ ਦਾ ਕਤਲ’ (ਪੰਨਾ: 164), ‘ਕਾਂਗਰਸੀ ਐਮ ਪੀ ਵਿਸ਼ਵ ਨਾਥ ਤਿਵਾੜੀ ਦਾ ਚੰਡੀਗੜ੍ਹ ਕਤਲ: ਇਹ ਕਤਲ ਹਰਮਿੰਦਰ ਸੰਧੂ ਦੇ ਪਿਸਤੌਲ ਨਾਲ਼ ਕੀਤਾ ਗਿਆ’ (ਪੰਨਾ: 166), ‘ਹਿੰਦ ਸਮਾਚਾਰ ਅਖ਼ਬਾਰ ਦੇ ਸੰਪਾਦਕ ਰਮੇਸ਼ ਚੰਦਰ ਦਾ ਕਤਲ’ (ਪੰਨਾ: 183)। ਇਸੇ ਕਿਤਾਬ ਦੇ ਪੰਨਾ 164 ਅਨੁਸਾਰ ਹਰਬੰਸ ਲਾਲ ਖੰਨਾ, ਵਿਸ਼ਬ ਨਾਥ ਤਿਵਾੜੀ, ਐਡੀਟਰ ਰਮੇਸ਼ ਚੰਦਰ ਆਦਿ ਵਰਗੇ ਅਨੇਕਾਂ ਕਤਲਾਂ ਨਾਲ਼ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਹੱਦ ਪ੍ਰੇਸ਼ਾਨ ਹੋ ਗਈ ਸੀ। ਸ਼ਾਇਦ ਅਜਿਹੇ ਕਤਲਾਂ ਕਾਰਨ ਹੀ ਉਸਨੇ ਫੌਜ ਭੇਜਣ ਦਾ ਫੈਸਲਾ ਕੀਤਾ ਸੀ।

ਸੰਤ ਭਿੰਡਰਾਂਵਾਲ਼ਿਆਂ ਵਲੋਂ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ `ਤੇ ਆਉਣ ਤੋਂ ਬਾਅਦ ਪੰਜਾਬ ਭਰ ਵਿੱਚ ਹਿੰਸਕ ਕਾਰਵਾਈਆਂ ਦਾ ਇੱਕ ਜਬਰਦਸਤ ਦੌਰ ਚੱਲ ਪਿਆ ਸੀ, ਜਿਸ ਨਾਲ਼ ਧਰਮ ਯੁੱਧ ਮੋਰਚਾ ਵੀ ਅਕਾਲੀਆਂ ਹੱਥੋਂ ਨਿਕਲ਼ ਚੁੱਕਾ ਸੀ। ਜਿਹੜੇ ਲੋਕ ਅਜੇ ਵੀ ਉਹੀ ਗੱਲਾਂ ਵਾਰ-ਵਾਰ ਦੁਹਰਾਈ ਜਾ ਰਹੇ ਹਨ ਕਿ ਹਿੰਸਕ ਕਾਰਵਾਈਆਂ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਸੀ, ਉਨ੍ਹਾਂ ਨੂੰ ‘ਰੌਸ਼ਨ ਦਿਮਾਗ: ਹਰਮਿੰਦਰ ਸਿੰਘ ਸੰਧੂ’ ਜਰੂਰ ਵਾਰ-ਵਾਰ ਪੜ੍ਹਨ ਦੀ ਲੋੜ ਹੈ ਕਿ ਜੋ ਹਾਲਾਤ ਪੰਜਾਬ ਵਿੱਚ ਅਕਤੂਬਰ, 1983 ਦੇ ਢਿੱਲਵਾਂ ਕਾਂਡ (ਜਿਸ ਵਿੱਚ ਖਾੜਕੂਆਂ ਸੁਰਿੰਦਰ ਸੋਢੀ, ਜਨਰਲ ਲਾਭ ਸਿੰਘ, ਸੁੱਖਾ ਕੱਕੜਾਂ ਆਦਿ ਨੇ 6 ਹਿੰਦੂ ਇੱਕ ਬੱਸ ਵਿੱਚੋਂ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ: ਹਵਾਲਾ ਕਿਤਾਬ: ਰਿਵਰਜ਼ ਆਨ ਫਾਇਰ-ਲੇਖਕ ਜਗਤਾਰ ਸਿੰਘ ਸੀਨੀਅਰ ਪੱਤਰਕਾਰ) ਤੋਂ ਬਾਅਦ ਬਣ ਗਏ ਸਨ, ਉਨ੍ਹਾਂ ਮੁਤਾਬਿਕ ਜੇ ਸਰਕਾਰ ਵਲੋਂ ਕੀਤੀ ਫੌਜੀ ਕਾਰਵਾਈ ਗਲਤ ਸੀ ਤਾਂ ਸਿੱਖ ਕੌਮ ਇਸ 40ਵੀਂ ਬਰਸੀ `ਤੇ ਸੋਚੇ ਕਿ ਫਿਰ ਕੀ ਕੀਤਾ ਜਾਣਾ ਸੀ ਚਾਹੀਦਾ ਸੀ? ਜ਼ਰਾ ਸੋਚੋ ਕਿ ਜੇ ਸਿੱਖਾਂ ਦਾ ਰਾਜ ਹੋਵੇ ਅਤੇ ਉਸ ਰਾਜ ਵਿੱਚ ਇਸ ਤਰ੍ਹਾਂ ਦਿਨ-ਦਿਹਾੜੇ ਰੋਜ਼ਾਨਾ ਲਗਾਤਾਰ ਕਤਲ ਹੁੰਦੇ ਹੋਣ ਤਾਂ ਸਾਡੀ ਖਾਲਸਾ ਸਰਕਾਰ ਕੀ ਕਾਰਵਾਈ ਕਰੇਗੀ? ਸ. ਅਜਮੇਰ ਸਿੰਘ ਇੱਕ ਜਗ੍ਹਾ ਕਹਿੰਦੇ ਹਨ ਕਿ ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਗੁਲਾਮੀ ਕਬੂਲ ਕਰ ਲਈ ਹੈ, ਕੀ ਬਾਕੀ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੇ ਵੀ ਉਥੇ ਦੇ ਕਨੂੰਨਾਂ ਦੀ ਗੁਲਾਮੀ ਨਹੀਂ ਕਬੂਲੀ ਹੋਈ? ਕੀ ਖਾਲਿਸਤਾਨ ਵਿੱਚ ਕੋਈ ਕਨੂੰਨ ਜਾਂ ਸੰਵਿਧਾਨ ਨਹੀਂ ਹੋਵੇਗਾ? ਜਿਸ ਦਿਨ ਸਾਡੀ ਕੌਮ ਅਜਿਹੇ ਸਵਾਲ਼ਾਂ ਦੇ ਜਵਾਬ ਲੱਭਣ ਵਿੱਚ ਸਫਲ ਹੋ ਗਈ, ਸਮਝੋ ਸਾਡੇ ਬਹੁਤੇ ਮਸਲੇ ਹੱਲ ਜਾਣਗੇ।

ਸਾਡੀ ਲੀਡਰਸ਼ਿਪ ਅਤੇ ਵਿਦਵਾਨ ਵਰਗ ਨੂੰ ਬੜੀ ਗੰਭੀਰਤਾ ਨਾਲ਼ ਵਿਚਾਰਨ ਦੀ ਲੋੜ ਹੈ ਕਿ ਜੂਨ-84 ਦੇ ਨਾ ਭੁੱਲਣਯੋਗ ਸਾਕੇ ਦੇ ਸੰਦਰਭ ਵਿੱਚ ਗੁਰਬਾਣੀ ਦੇ ਬੁਨਿਆਦੀ ਸਿਧਾਂਤ; ‘ਸਭੇ ਸਾਝੀਵਾਲ਼ ਸਦਾਇਨ ਤੂੰ ਕਿਸੈ ਨਾ ਦਿਸੈ ਬਾਹਰਾ ਜੀਉ’ (ਪੰਨਾ: 97) ਦੇ ਸੰਦਰਭ ਵਿੱਚ ਅਸੀਂ ਅੱਜ ਕਿੱਥੇ ਖੜੇ ਹਾਂ? ਮੌਜੂਦਾ ਪੰਜਾਬ ਵਿੱਚ ਅਗਰ ਹਿੰਦੂਆਂ, ਦਲਿਤਾਂ ਤੇ ਹੋਰ ਭਾਈਚਾਰਿਆਂ ਨੂੰ ਬਾਹਰ ਰੱਖ ਲਿਆ ਜਾਵੇ ਤਾਂ ਸਿਰਫ ਸਿੱਖਾਂ ਦੀ ਅਬਾਦੀ 30% ਵੀ ਨਹੀਂ ਬਚਦੀ। ਫਿਰ ਕੀ ਅਸੀਂ 70% ਵਸੋਂ ਉਪਰ ਗੁਰਬਾਣੀ ਦੀ ਵਿਚਾਰਧਾਰਾ ਨੂੰ ਛੱਡ ਕੇ ਸਿੱਖਾਂ ਦੀ ਧੌਂਸ ਵਾਲ਼ਾ ਰਾਜ ਸਥਾਪਿਤ ਕਰ ਸਕਾਂਗੇ?

ਬਾਬੇ ਨਾਨਕ ਦੀ ਸਪਿਰਟ ਵਾਲ਼ੇ ਸਮਾਜ ਨੂੰ ਸਮਝਣ ਲਈ ਜਵਬੀਰ ਮੰਡ ਦਾ ਨਾਵਲ ‘ਬੋਲ ਮਰਦਾਨਿਆ’ ਅਤੇ ਉਘੇ ਲੇਖਕ ਵਰਿਆਮ ਸੰਧੂ ਦੀ ਕਿਤਾਬ ‘ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ’ ਸਭ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।

ਹਰਚਰਨ ਸਿੰਘ ਪ੍ਰਹਾਰ 03/06/2024




.